ਭਾਰਤੀ ਇਤਿਹਾਸ ਵਿਚ ਸਪਤ ਸਿੰਧੂ ਦੀਆਂ ਘਟਨਾਵਾਂ ਦੀ ਅਹਿਮ ਭੂਮਿਕਾ ਰਹੀ ਹੈ।ਇਨ੍ਹਾਂ ਵਿਚ ਸਭ ਤੋਂ ਪਹਿਲਾਂ ਸਿੰਧੂ ਸਰਸਵਤੀ ਘਾਟੀ ਦੀ ਸੱਭਿਅਤਾ ਦੇ ਵਿਕਾਸ ਦੀ ਚਰਚਾ ਕੀਤੀ ਜਾ ਸਕਦੀ ਹੈ।ਹੁਣ ਇਹ ਵੀ ਮੰਨਿਆ ਜਾਣ ਲੱਗ ਪਿਆ ਹੈ ਕਿ ਇਹ ਇਹ ਸੱਭਿਅਤਾ ਆਧੁਨਿਕ ਯੁਗ ਨਾਲੋਂ ਵੀ ਵੱਧ ਵਿਕਸਿਤ ਹੋ ਚੁੱਕੀ ਸੀ।ਅਤੇ ਇਹ ਪੱਛਮੀ ਭਾਰਤ ਤਕ ਹੀ ਸੀਮਤ ਨਹੀਂ ਸੀ ਸਗੋਂ ਇਸ ਦਾ ਵਿਸਥਾਰ ਪੂਰੇ ਹਿੰਦੋਸਤਾਨ ਵਿਚ ਹੋ ਚੁੱਕਿਆ ਸੀ।ਵਾਸਤਵ ਵਿਚ ਵਰਤਮਾਨ ਭਾਰਤੀ ਵਿਚਵਾਸ਼,ਸ਼ਰਧਾ, ਆਸਥਾ ਅਤੇ ਪੂਜਾ-ਪੱਧਤੀ ਦਾ ਆਧਾਰ ਸਿੰਧੂ ਘਾਟੀ ਦੀ ਸੱਭਿਅਤਾ ਵਿਚੋਂ ਹੀ ਮਿਲਦਾ ਹੈ।ਇਸ ਤੋਂ ਬਾਅਦ ਵੇਦਾਂ ਦੀ ਰਚਨਾ ਹੋਈ ।ਇਹ ਸਿੰਧੂ ਘਾਟੀ ਦੀ ਸੱਭਿਅਤਾ ਦਾ ਅਗਲਾ ਪੜਾਅ ਹੈ।ਇਸ ਨੂੰ ਚਿੰਤਨ ਦਾ ਯੁਗ ਕਿਹਾ ਜਾ ਸਕਦਾ ਹੈ।ਇਸ ਯੁਗ ਦੇ ਚਿੰਤਨ ਨੇ ਭਾਰਤ ਨੂੰ ਹੀ ਨਹੀਂ ਸਗੋਂ ਪੂਰੇ ਜੰਮੂ ਦੀਪ ਨੂੰ ਪ੍ਰਭਾਵਿਤ ਕੀਤਾ।ਕੁਰੂਕਸ਼ੇਤਰ ਵਿਚ ਮਹਾਭਾਰਤ ਦਾ ਯੁੱਧ ਸਪਤ ਸਿੰਧੂ ਖੇਤਰ ਦੀ ਅਹਿ=ਜਹੀ ਘਟਨਾ ਹੈ ਜਿਸ ਨੇ ਪੂਰੇ ਹਿੰਦੋਸਤਾਨ ਨੂੰ ਪੱਛਮੀ ਉੱਤਰ ਦੇ ਮੈਦਾਨਾਂ ਵਿਚ ਲਿਆ ਕੇ ਖੜ੍ਹਾ ਕਰ ਦਿੱਤਾ ਸੀ। ਨਵ-ਇਸਲਾਮ ਵਿਚ ਸ਼ਾਮਿਲ ਹੋ ਚੁੱਕੇ ਅਰਬ,ਤੁਰਕ ਅਤੇ ਮੰਗੋਲ ਅਰਥਾਤ ਏ.ਟੀ.ਐਮ (ਅਰਬ ਸੱਯਦ+ਤੁਰਕ+ਮੁਗਲ ਮੰਗੋਲ) ਦਾ ਹਿੰਦੋਸਤਾਨ ਉੱਤੇ ਸਪਤ ਸਿੰਧੂ ਦੇ ਰਸਤੇ ਤੋਂ ਹਮਲੇ ਅੱਠਵੀਂ ਸ਼ਤਾਬਦੀ ਤੋਂ ਸ਼ੁਰੂ ਹੋ ਗਏ ਸਨ।ਪ੍ਰੰਤੂ ਇਸ ਵਾਰ ਇਹ ਹਮਲੇ ਭੂਗੋਲਿਕ ਪੱਧਰ ਤੇ ਕਬਜਾ ਕਰਨ ਲਈ ਨਹੀਂ ਸਨ ਸਗੋਂ ਇਹ ਜਿੱਤੇ ਹੋਏ ਦੇਸ਼ ਦੇ ਨਿਵਾਸੀਆਂ ਨੂੰ ਆਪਣੇ ਮਜ਼ਹਬ ਵਿਚ ਤਬਦੀਲ ਕਰਨ ਲਈ ਸਾਂਸਕ੍ਰਿਤਕ ਹਮਲੇ ਵੀ ਸਨ।ਹਮਲੇ ਕਿਉੁਂਕਿ ਸਪਤ ਸਿੰਧੂ ਦੇ ਰਾਹੀਂ ਹੋ ਰਹੇ ਸਨ ਇਸ ਲਈ ਇਸ ਦਾ ਸਭ ਤੋਂ ਵੱਧ ਪ੍ਰਭਾਵ ਵੀ ਇਸ ਖੇਤਰ ਨੂੰ ਹੀ ਸਹਿਣਾ ਪਿਆ।ਇਸ ਨਵੀਂ ਮੁਸੀਬਤ ਜਾਂ ਸੰਕਟ ਦਾ ਸਾਹਮਣਾ ਕਿਸ ਤਰ੍ਹਾਂ ਕੀਤਾ ਜਾਏ, ਇਹ ਸਭ ਤੋਂ ਵੱਡੀ ਚੁਣੌਤੀ ਸੀ।ਇਸ ਸਮੇਂ ਦਸ ਗੁਰੂ ਪਰੰਪਰਾ ਦਾ ਉਦੈ ਹੋਣਾ ਇਕ ਦੈਵੀ ਯੋਜਨਾ ਹੀ ਕਹੀ ਜਾ ਸਕਦੀ ਹੈ।ਦੁਰਭਾਗਵਸ ਨਾਲ ਦਸ ਗੁਰੂ ਪਰੰਪਰਾ ਦਾ ਅਧਿਐਨ ਅਧਿਆਤਕ ਪੱਖ ਤੋਂ ਤਾਂ ਬਹੁਤ ਹੋਇਆ ਹੈ ਪਰ ਇਸ ਦੇ ਸਮਾਜਕ ਪੱਖਾਂ ਨੂੰ ਗੌਲਣਾ ਅਜੇ ਬਾਕੀ ਹੈ।ਇਸ ਸੰਦਰਭ ਵਿਚ ਇਹ ਪੁਸਤਕ ਇਕ ਨਿਮਾਣਾ ਜਿਹਾ ਜਤਨ ਹੈ।